18

Aug

ਦਲਿਤਾਂ ਦਾ ਮਸੀਹਾ ਕਾਂਸ਼ੀ ਰਾਮ

ਭਾਰਤੀ ਸੰਵਿਧਾਨ ਦੇ ਰਚੇਤਾ ਡਾ. ਭੀਮ ਰਾਓ ਅੰਬੇਡਕਰ ਦੇ ਪ੍ਰੀਨਿਰਵਾਣ 1956 ਤੋਂ ਬਾਅਦ 1960-70 ਦੇ ਦਹਾਕੇ ਦਾ ਅਜਿਹਾ ਸਮਾਂ ਆਇਆ ਜਦੋਂ ਦਲਿਤ ਸਮਾਜ ਦੀ ਅਗਵਾਈ ਕਰਨ ਵਾਲਾ ਕੋਈ ਨੇਤਾ ਨਹੀਂ ਸੀ। ਅਜਿਹੇ ਵਿਚ ਲਤਾੜੇ ਵਰਗਾਂ ਖ਼ਾਸ ਤੌਰ 'ਤੇ ਦਲਿਤਾਂ ਨੂੰ ਡਾ. ਅੰਬੇਡਕਰ ਵੱਲੋਂ ਲੈ ਕੇ ਦਿੱਤੇ ਗਏ ਸੰਵਿਧਾਨਕ ਹੱਕ-ਹਕੂਕਾਂ 'ਤੇ ਹਮਲਾ ਸ਼ੁਰੂ ਹੋ ਗਿਆ। ਭਾਰਤ ਦੇ ਮੂਕਨਾਇਕਾਂ ਦੀ ਗੱਲ ਕਰਨ ਵਾਲਾ ਕੋਈ ਚਿਹਰਾ ਨਜ਼ਰ ਨਹੀਂ ਸੀ ਆ ਰਿਹਾ। ਬਾਬਾ ਸਾਹਿਬ ਨਾਲ ਮਿਸ਼ਨ ਵਿਚ ਚੱਲਣ ਵਾਲੇ ਆਗੂ ਉਨ੍ਹਾਂ ਦੇ ਪ੍ਰੀਨਿਰਵਾਣ ਤੋਂ ਬਾਅਦ ਲਾਲਚ ਵੱਸ ਆਪਣੀ ਚੌਧਰ ਲਈ ਇੱਧਰ-ਉੱਧਰ ਰਾਜਨੀਤਕ ਦਲਾਂ ਵਿਚ ਜਾ ਰਲੇ ਜਿਸ ਕਾਰਨ ਬਹੁਜਨ ਸਮਾਜ ਹਾਸ਼ੀਏ 'ਤੇ ਆ ਗਿਆ। ਅਜਿਹੇ ਸਮੇਂ ਸਰਕਾਰੀ ਵਿਗਿਆਨਕ ਦੀ ਨੌਕਰੀ ਕਰਦਾ ਕਾਂਸ਼ੀ ਰਾਮ ਦਲਿਤ ਸਮਾਜ ਦੇ ਬਹੁਜਨਾਂ ਦੇ ਨਾਇਕ ਵਜੋਂ ਇਕ ਵੱਡੇ ਨੇਤਾ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆਇਆ। ਉਹ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ, ਪੱਛੜੇ ਸਮਾਜ ਅਤੇ ਘੱਟ-ਗਿਣਤੀਆਂ ਨੂੰ ਉਨਾਂ ਦੇ ਅਧਿਕਾਰਾਂ ਲਈ ਜਾਗਰੂਕ ਕਰਦੇ ਰਹੇ। ਕਾਂਸ਼ੀ ਰਾਮ ਨੇ ਇਨ੍ਹਾਂ ਲੋਕਾਂ ਦੇ ਹੱਥ 'ਚ ਰਾਜ ਸੱਤਾ ਦੀ ਚਾਬੀ ਸੌਂਪਣ ਲਈ ਸੜਕਾਂ 'ਤੇ ਉਤਰ ਕੇ ਵੱਡੇ ਸੰਘਰਸ਼ਾਂ ਦੀ ਸ਼ੁਰੂਆਤ ਕੀਤੀ। ਉਹ ਨੇਤਾ ਅਤੇ ਸਮਾਜ ਸੁਧਾਰਕ ਵਜੋਂ ਜਾਣੇ ਜਾਂਦੇ ਹਨ। ਉਨਾਂ ਨੇ ਅਛੂਤਾਂ ਅਤੇ ਦਲਿਤ ਵਰਗ ਦੇ ਰਾਜਨੀਤਕ ਏਕੀਕਰਨ ਅਤੇ ਉਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਪੂਰੀ ਜ਼ਿੰਦਗੀ ਲਗਾ ਦਿੱਤੀ।


ਕਾਂਸ਼ੀ ਰਾਮ ਦਾ ਜਨਮ 15 ਮਾਰਚ 1934 ਨੂੰ ਆਪਣੇ ਨਾਨਕੇ ਪਿੰਡ ਬੂੰਗਾ ਸਾਹਿਬ ਵਿਖੇ ਪਿਤਾ ਹਰੀ ਸਿੰਘ ਅਤੇ ਮਾਤਾ ਬਿਸ਼ਨ ਕੌਰ ਦੇ ਘਰ ਹੋਇਆ ਸੀ ਜੋ ਰੋਪੜ ਜ਼ਿਲ੍ਹੇ ਦੇ ਪਿੰਡ ਖਵਾਸਪੁਰ ਦੇ ਸਮਾਜਿਕ ਤੌਰ 'ਤੇ ਲਤਾੜੇ ਇਕ ਸਿੱਖ ਪਰਿਵਾਰ ਨਾਲ ਸਬੰਧਤ ਸਨ। ਕਾਂਸ਼ੀ ਰਾਮ ਦੇ ਦੋ ਭਰਾ ਅਤੇ ਚਾਰ ਭੈਣਾਂ ਸਨ। ਆਪਣੇ ਸਾਰੇ ਭੈਣ-ਭਰਾਵਾਂ 'ਚੋਂ ਕਾਂਸ਼ੀ ਰਾਮ ਸਭ ਤੋਂ ਵੱਡੇ ਸਨ। ਬੀਐੱਸਸੀ ਦੀ ਪੜ੍ਹਾਈ ਕਰਨ ਉਪਰੰਤ ਉਹ ਪੂਨਾ (ਮਹਾਰਾਸ਼ਟਰ) ਵਿਖੇ ਸਥਿਤ ਇਕ ਸਰਕਾਰੀ ਫੈਕਟਰੀ ਵਿਚ ਸਹਾਇਕ ਵਿਗਿਆਨਕ ਦੇ ਤੌਰ 'ਤੇ ਨਿਯੁਕਤ ਹੋਏ। ਉਨ੍ਹਾਂ ਦੇ ਜੀਵਨ ਵਿਚ ਨੌਕਰੀ ਸਮੇਂ ਵਾਪਰੀ ਇਕ ਘਟਨਾ ਨੇ ਉਨਾਂ ਨੂੰ ਵਿਗਿਆਨਕ ਖੇਤਰ ਨਾਲੋਂ ਤੋੜ ਕੇ ਉਨ੍ਹਾਂ ਨੂੰ ਰਾਜਨੀਤਕ ਖੇਤਰ ਵਿਚ ਪਾ ਦਿੱਤਾ। ਜਿਸ ਫੈਕਟਰੀ ਵਿਚ ਕਾਂਸ਼ੀ ਰਾਮ ਨੌਕਰੀ ਕਰਦੇ ਸਨ ਉਸ ਦੇ ਪ੍ਰਬੰਧਕਾਂ ਨੇ 1962-63 ਦੇ ਸਾਲ ਲਈ ਮਹਾਤਮਾ ਬੁੱਧ ਅਤੇ ਡਾ. ਭੀਮ ਰਾਓ ਅੰਬੇਡਕਰ ਜੈਅੰਤੀ ਦੀਆਂ ਛੁੱਟੀਆਂ ਨੂੰ ਬਿਨਾਂ ਕਿਸੇ ਨੋਟਿਸ ਦੇ ਖ਼ਤਮ ਕਰ ਦਿੱਤਾ ਸੀ। ਫੈਕਟਰੀ ਵਿਚ ਕੰਮ ਕਰਦੇ ਰਾਜਸਥਾਨ ਦੇ ਜੈਸਲਮੇਰ ਦੇ ਪਿੰਡ ਬਾਗਾਸ ਦੇ ਰਹਿਣ ਵਾਲੇ ਇਕ ਦਲਿਤ ਦੀਨਾ ਭਾਨਾ ਨੇ ਇਸ ਦਾ ਵਿਰੋਧ ਕੀਤਾ। ਫੈਕਟਰੀ ਪ੍ਰਬੰਧਕਾਂ ਨੇ ਉਸ ਨੂੰ ਮੁਅੱਤਲ ਕਰ ਦਿੱਤਾ। ਪਤਾ ਲੱਗਣ 'ਤੇ ਕਾਂਸ਼ੀ ਰਾਮ ਨੇ ਫੈਕਟਰੀ ਦੇ ਇਸ ਨਾਦਰਸ਼ਾਹੀ ਫਰਮਾਨ ਖ਼ਿਲਾਫ਼ ਦੀਨਾ ਭਾਨਾ ਦਾ ਸਾਥ ਦਿੰਦਿਆਂ ਕਰਮਚਾਰੀਆਂ ਨੂੰ ਲਾਮਬੰਦ ਕਰ ਕੇ ਸੰਘਰਸ਼ ਦੀ ਅਗਵਾਈ ਕੀਤੀ ਅਤੇ ਛੁੱਟੀਆਂ ਨੂੰ ਬਹਾਲ ਕਰਵਾਇਆ।


ਕਾਂਸ਼ੀ ਰਾਮ ਨੇ ਕਿਹਾ ਕਿ ਜਦੋਂ ਤਕ ਕਰਮਚਾਰੀ ਆਪਣੇ ਹੱਕਾਂ ਲਈ ਇਕੱਠੇ ਹੋ ਕੇ ਵੱਡਾ ਅੰਦੋਲਨ ਨਹੀਂ ਕਰਦੇ ਉਦੋਂ ਤਕ ਉਨ੍ਹਾਂ ਦੀਆਂ ਪਰੇਸ਼ਾਨੀਆਂ ਦਾ ਦੌਰ ਮੁੱਕਣ ਵਾਲਾ ਨਹੀਂ। ਡਾ. ਬੀ.ਆਰ. ਅੰਬੇਡਕਰ ਦੇ ਕੀਤੇ ਸੰਘਰਸ਼ਾਂ ਅਤੇ ਮਿਸ਼ਨ ਨੂੰ ਪੜ੍ਹਨ ਤੋਂ ਬਾਅਦ ਉਨ੍ਹਾਂ ਨੇ ਕਸਮ ਖਾਧੀ ਕਿ ਅੱਜ ਤੋਂ ਬਾਅਦ ਉਹ ਆਪਣੇ ਲੋਕਾਂ ਦੇ ਹੱਕਾਂ ਲਈ ਲੜਾਈ ਲੜਨਗੇ ਅਤੇ ਬਾਬਾ ਸਾਹਿਬ ਦੇ ਅਧੂਰੇ ਮਿਸ਼ਨ ਨੂੰ ਪੂਰਾ ਕਰਨਗੇ। ਡਾ. ਅੰਬੇਡਕਰ ਦੀ ਕਿਤਾਬ 'ਜਾਤਪਾਤ ਦਾ ਬੀਜਨਾਸ਼' ਨੇ ਕਾਂਸ਼ੀ ਰਾਮ ਦੇ ਹਿਰਦੇ 'ਤੇ ਬਹੁਤ ਡੂੰਘਾ ਪ੍ਰਭਾਵ ਪਾਇਆ। ਉਨ੍ਹਾਂ ਨੇ 1964 ਵਿਚ ਨੌਕਰੀ ਛੱਡ ਕੇ ਖੁੱਲ੍ਹੇ ਅੰਬਰ ਥੱਲੇ ਦੱਬੇ-ਕੁਚਲੇ ਵਰਗ ਦੀਆਂ ਦੁੱਖ-ਤਕਲੀਫ਼ਾਂ ਨੂੰ ਹੱਲ ਕਰਨ ਅਤੇ ਸੱਤਾ ਵਿਚ ਉਨ੍ਹਾਂ ਦੀ ਬਣਦੀ ਹਿੱਸੇਦਾਰੀ ਦਿਵਾਉਣ ਲਈ ਸੰਘਰਸ਼ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਕਾਂਸ਼ੀ ਰਾਮ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਸੰਨ 1978 ਵਿਚ ਉਨ੍ਹਾਂ ਨੇ ਕੁਝ ਜਾਗਰੂਕ ਕਰਮਚਾਰੀਆਂ ਨੂੰ ਨਾਲ ਲੈ ਕੇ ਬਾਮਸੇਫ ਦੀ ਸਥਾਪਨਾ ਕੀਤੀ ਅਤੇ ਦਲਿਤਾਂ, ਆਦਿਵਾਸੀਆਂ, ਪੱਛੜਿਆਂ ਅਤੇ ਘੱਟ-ਗਿਣਤੀਆਂ ਨੂੰ ਇਕ ਮੰਚ 'ਤੇ ਆਉਣ ਦਾ ਸੱਦਾ ਦਿੱਤਾ। ਸੰਨ 1982 ਵਿਚ 'ਦਲਿਤ ਸ਼ੋਸ਼ਿਤ ਸੰਘਰਸ਼ ਸਮਾਜ ਸੰਮਤੀ' ਦੀ ਸਥਾਪਨਾ ਕੀਤੀ। ਦਲਿਤਾਂ ਨੂੰ ਆਪਣੇ ਹੱਕ ਲੈਣ ਲਈ ਜਾਗਰੂਕ ਕਰਨ ਤੋਂ ਬਾਅਦ ਜਦੋਂ ਦਲਿਤ ਸਮਾਜ ਦਾ ਕਾਰਵਾਂ ਬਣਨਾ ਸ਼ੁਰੂ ਹੋਇਆ ਤਾਂ ਕਾਂਸ਼ੀ ਰਾਮ ਨੇ 14 ਅਪ੍ਰੈਲ 1984 ਨੂੰ ਬਹੁਜਨ ਸਮਾਜ ਪਾਰਟੀ ਦੀ ਸਥਾਪਨਾ ਕੀਤੀ। ਕਾਂਸ਼ੀ ਰਾਮ ਨੇ ਡਾ. ਭੀਮ ਰਾਓ ਅੰਬੇਡਕਰ ਦੇ ਸਿਧਾਂਤ 'ਸੱਤਾ ਹੀ ਸਭੀ ਤਾਲੋਂ ਕੀ ਚਾਬੀ ਹੈ' ਨੂੰ ਅਪਣਾਉਂਦਿਆਂ ਦੱਬੇ-ਕੁਚਲੇ ਸਮਾਜ ਨੂੰ ਰਾਜਨੀਤੀ ਵਿਚ ਹਿੱਸੇਦਾਰੀ ਲਈ ਇਕ ਪਲੇਟਫਾਰਮ 'ਤੇ ਇਕੱਠਿਆਂ ਕੀਤਾ। ਕਾਂਸ਼ੀ ਰਾਮ ਦਾ ਮੰਨਣਾ ਸੀ ਕਿ ਪੁਲੀਟੀਕਲ ਪਾਵਰ ਨਾਲ ਹੀ ਦਲਿਤ ਸਮਾਜ ਆਪਣੇ ਸਾਰੇ ਬੰਦ ਰਸਤਿਆਂ ਨੂੰ ਖੋਲ੍ਹ ਸਕਦਾ ਹੈ। ਲਤਾੜੇ ਸਮਾਜ ਨੂੰ ਜਗਾਉਣ ਲਈ ਕਾਂਸ਼ੀ ਰਾਮ ਨੇ ਸਾਈਕਲ ਯਾਤਰਾ ਸ਼ੁਰੂ ਕੀਤੀ। ਕਈ-ਕਈ ਮੀਲ ਪੈਦਲ ਚੱਲ ਕੇ ਅਤੇ ਸਾਈਕਲ ਚਲਾ ਕੇ ਉਨ੍ਹਾਂ ਨੇ ਦੇਸ਼ ਅੰਦਰ ਦਲਿਤ ਸਮਾਜ ਵਿਚ ਜਾਗਰੂਕਤਾ ਲਿਆਉਣ ਦਾ ਕੰਮ ਕੀਤਾ। ਦਲਿਤ ਸਮਾਜ ਖ਼ਾਤਰ ਉਨ੍ਹਾਂ ਨੇ ਘਰ-ਬਾਰ ਨਾਲੋਂ ਨਾਤਾ ਤੋੜ ਲਿਆ। ਕਿਹਾ ਜਾਂਦਾ ਹੈ ਕਿ ਉਹ ਆਪਣੀ ਇਕ ਭੈਣ ਦੀ ਮੌਤ ਅਤੇ ਦੂਸਰੀ ਦੀ ਸ਼ਾਦੀ 'ਤੇ ਵੀ ਨਹੀਂ ਪਹੁੰਚ ਸਕੇ ਸਨ। ਇੱਥੇ ਹੀ ਬਸ ਨਹੀਂ, ਉਹ ਆਪਣੇ ਪਿਤਾ ਦੇ ਸਸਕਾਰ 'ਤੇ ਵੀ ਨਹੀਂ ਪਹੁੰਚ ਸਕੇ ਸਨ। ਇਕ ਵਾਰ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਵਾਪਸ ਲੈਣ ਪੂਨਾ ਵਿਖੇ ਗਈ ਪਰ ਉਨ੍ਹਾਂ ਨੇ ਲੋਕਾਂ ਦੀ ਭਲਾਈ ਲਈ ਮਾਂ ਦੀ ਮਮਤਾ ਨੂੰ ਵੀ ਠੁਕਰਾ ਦਿੱਤਾ। ਤਿਆਗ ਦੀ ਇੰਨੀ ਵੱਡੀ ਮੂਰਤ ਕਾਂਸ਼ੀ ਰਾਮ ਨੇ ਵਿਆਹ ਵੀ ਨਹੀਂ ਕਰਵਾਇਆ ਸੀ। ਸੰਨ 1992 ਵਿਚ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਇਟਾਵਾ ਤੋਂ ਚੋਣ ਲੜੀ ਅਤੇ ਲੋਕ ਸਭਾ 'ਚ ਪਹੁੰਚੇ। ਸਰਮਾਏਦਾਰ ਰਾਜਨੀਤਕ ਨੇਤਾਵਾਂ ਕੋਲੋਂ ਰਾਜਨੀਤਕ ਹਿੱਸੇਦਾਰੀ ਮੰਗਣਾ ਬੜਾ ਔਖਾ ਸੀ। ਕਿਉਂਕਿ ਕਾਂਸ਼ੀ ਰਾਮ ਦੇ ਵਿੱਤੀ ਹਾਲਾਤ ਬਹੁਤੇ ਵਧੀਆ ਨਹੀਂ ਸਨ, ਇਸ ਲਈ ਉਨ੍ਹਾਂ ਨੇ ਇਸ ਕਾਰਜ ਲਈ ਆਪਣੇ ਦੱਬੇ-ਕੁਚਲੇ ਸਮਾਜ ਤੋਂ ਆਰਥਿਕ ਮਦਦ ਵੀ ਮੰਗੀ। ਉਨ੍ਹਾਂ ਨੇ ਵੀ.ਪੀ. ਸਿੰਘ ਸਰਕਾਰ ਵਿਰੁੱਧ ਚੋਣ ਲੜਦੇ ਸਮੇਂ 'ਵੋਟ ਕੇ ਸਾਥ ਨੋਟ' ਦਾ ਨਾਅਰਾ ਵੀ ਦਿੱਤਾ। ਸ਼ੂਗਰ ਦੀ ਬਿਮਾਰੀ ਕਾਰਨ 1994 ਵਿਚ ਉਨ੍ਹਾਂ ਨੂੰ ਦਿਲ ਦਾ ਦੌਰਾ ਵੀ ਪਿਆ। ਸਾਲ 2001 ਵਿਚ ਕਾਂਸ਼ੀ ਰਾਮ ਨੇ ਆਪਣਾ ਜਾਨਸ਼ੀਨ ਕੁਮਾਰੀ ਮਾਇਆਵਤੀ ਨੂੰ ਥਾਪ ਦਿੱਤਾ। ਸੰਨ 2003 ਵਿਚ ਜਦੋਂ ਉਨ੍ਹਾਂ ਦੀ ਸਿਹਤ ਜ਼ਿਆਦਾ ਖ਼ਰਾਬ ਹੋ ਗਈ ਅਤੇ ਉਹ ਲਕਵਾਗ੍ਰਸਤ ਹੋ ਗਏ ਤਾਂ ਉਨ੍ਹਾਂ ਨੂੰ ਰਾਜਨੀਤੀ ਤੋਂ ਦੂਰ ਜਾਣਾ ਪਿਆ। ਨੌਂ ਅਕਤੂਬਰ 2006 ਨੂੰ 72 ਵਰ੍ਹਿਆਂ ਦੀ ਉਮਰ ਵਿਚ ਦਿਲ ਦਾ ਦੌਰਾ ਪੈਣ ਕਾਰਨ ਦਿੱਲੀ ਵਿਖੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਅੱਜ ਜੇ ਦਲਿਤ ਸਮਾਜ ਆਪਣੇ ਹੱਕਾਂ ਪ੍ਰਤੀ ਜਾਗਰੂਕ ਨਾ ਹੋਇਆ ਤਾਂ ਡਾ. ਭੀਮ ਰਾਓ ਅੰਬੇਡਕਰ ਅਤੇ ਉਨ੍ਹਾਂ ਤੋਂ ਬਾਅਦ ਕਾਂਸ਼ੀ ਰਾਮ ਵੱਲੋਂ ਪਾਇਆ ਯੋਗਦਾਨ ਅਜਾਈਂ ਚਲਾ ਜਾਵੇਗਾ।


-ਡਾ. ਜਤਿੰਦਰ ਸਿੰਘ ਮੱਟੂ

© 2016 Donate. All Rights Reserved | Design by W3layouts